Friday, August 6, 2010

ਆਜ਼ਾਦੀ ਦੇ ਸੰਘਰਸ਼ ਵਿੱਚ ਗਦਰ ਪਾਰਟੀ ਤੇ ਬੱਬਰ ਅਕਾਲੀ ਲਹਿਰਾਂ ਦਾ ਯੋਗਦਾਨ

                                           - ਰਘਵੀਰ ਸਿੰਘ ਚੰਗਾਲ



ਭਾਰਤ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚੋਂ ਮੁਕਤ ਕਰਵਾਉਣ ਲਈ ਪੰਜਾਬੀਆਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦੀ ਧਰਤੀ ਦਾ ਇਤਿਹਾਸ, ਖੂਨੀ ਸਾਕਿਆਂ ਦਾ ਇਤਿਹਾਸ ਹੈ। ਬਰਤਾਨਵੀ ਸਰਕਾਰ ਦੇ ਖਿਲਾਫ ਸੂਰਬੀਰਤਾ ਤੇ ਦਲੇਰੀ ਨਾਲ ਲੜਦਿਆਂ ਅਨੇਕਾਂ ਹੀ ਪੰਜਾਬੀ ਸੂਰਬੀਰ ਸ਼ਹੀਦੀਆਂ ਪਾ ਗਏ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿਚ ਅਣਗਿਣਤ ਲਹਿਰਾਂ ਨੇ ਜਨਮ ਲੈ ਕੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ ਤੇ ਲਾਲਾ ਹਰਦਿਆਲ ਵਰਗੇ ਸੂਰਮਿਆਂ ਨੂੰ ਪੈਦਾ ਕੀਤਾ ਹੈ। ਇਨਾਂ ਲਹਿਰਾਂ ਦਾ ਨਾਂਅ ਭਾਰਤੀ ਇਤਿਹਾਸ ਅੱਜ ਵੀ ਲਾਲ ਭਾਅ ਮਾਰਦਾ ਹੈ। ਕੁਰਬਾਨੀ,ਤਿਆਗ ਤੇ ਸਵਾਰਥ ਤੋਂ ਦੂਰ ਦੀ ਭਾਵਨਾ ਵਾਲਾ ਇਤਿਹਾਸ ਮੋਇਆਂ ਵਿੱਚ ਜਾਨ ਪਾਕੇ ਉ ਨੂੰ ਕੁਰਬਾਨੀ ਦੀ ਵੇਦੀ ਉੱਤੇ ਆਉਣ ਲਈ ਪ੍ਰੇਰਦਾ ਹੈ। ਗਦਰ ਪਾਰਟੀ ਲਹਿਰ ਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਵੀ ਅਜਿਹੇ ਸਿਰੜੀ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ। ਭਾਵੇਂ ਇਤਿਹਾਸਕਾਰਾਂ ਨੇ ਇਨਾਂ ਲਹਿਰਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਨਾਇਆ ਹੈ ਪਰ ਫਿਰ ਵੀ ਮਹਾਨ ਸ਼ਹੀਦਾਂ ਦਾ ਨਾਂਅ ਭਾਰਤੀ ਇਤਿਹਾਸ ਦੇ ਪੰਨਿਆਂ ਉੱਤੇ ਸੂਰਜ ਵਾਂਗ ਚਮਕਦਾ ਹੈ।

ਗਦਰ ਪਾਰਟੀ ਲਹਿਰ- ਗਦਰ ਪਾਰਟੀ ਲਹਿਰ ਬਹੁਤ ਥੋੜੇ ਸਮੇਂ ਵਿਚ ਏਨੀ ਹਰਮਨ ਪਿਆਰੀ ਹੋਈ ਕਿ ਸਿੱਟੇ ਵਜੋਂ ਇਸ ਦੇ ਪ੍ਰਵਾਨਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਤੇ ਦੁਨੀਆਂ ਦੇ ਹਰ ਕੋਨੇ ਵਿਚ ਇਸਦੀ ਗੂੰਜ ਪਈ । ਭਾਰਤ ਦੇ ਸੁਨਹਿਰੇ ਭਵਿੱਖ ਦੀ ਆਸ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਜਾਂ ਅੰਗਰੇਜ਼ੀ ਰਾਜ ਦੀ ਗੋਲੀ ਦਾ ਨਿਸ਼ਾਨਾ ਹੋਏ ਇਸ ਲਹਿਰ ਦੇ ਸ਼ਹੀਦਾਂ ਦੀ ਗਿਣਤੀ 145 ਦੇ ਲਗਭਗ ਸੀ। ਉਮਰ ਕੈਦ ਕਰਕੇ ਜਲਾਵਤਨੀ ਕੱਟਣ ਵਾਲੇ 306, ਇਸ ਤੋਂ ਘੱਟ ਸਜ਼ਾ ਵਾਲੇ 77, ਬਿਨਾਂ ਮੁਕੱਦਮਾ ਚਲਾਇਆ ਜੇਲ ਵਿਚ ਬੰਦ 300 ਤੇ ਪਹਿਲੀ ਜੰਗ ਦੇ ਸਾਰੇ ਸਮੇਂ ਦੌਰਾਨ ਡਿਫੈਂਸ ਆਫ ਇੰਡੀਆ ਐਕਟ ਅਧੀਨ ਨਜ਼ਰਬੰਦਾਂ ਦੀ ਗਿਣਤੀ 2455 ਦੇ ਲਗਭਗ ਸੀ।

ਬਾਬਾ ਸੋਹਣ ਸਿੰਘ ਭਕਨਾ, ਭਾਈ ਪ੍ਰਮਾਨੰਦ ਤੇ ਪੰਡਿਤ ਕਾਂਸੀ ਰਾਮ ਨੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਅ ਦੀ ਸੰਸਥਾ ਕਾਇਮ ਕੀਤੀ ਸੀ । ਬਾਅਦ ਵਿਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿਚ ਜਥੇਬੰਦ ਹੋਈਆਂ ਕਈ ਐਸੋਸੀਏਸ਼ਨਾਂ ਨੂੰ Îਇਕੱਠਾ ਕਰਕੇ 21 ਅਪ੍ਰੈਲ , 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ । ਇਸ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ , ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੰਡੋਲੀ ਚੁਣੇ ਗਏ। ਪਾਰਟੀ ਨੇ ਪਹਿਲੀ ਨਵੰਬਰ,1913 ਨੂੰ “ਗਦਰ” ਨਾਂਅ ਦਾ ਅਖਬਾਰ ਕੱਢਿਆ । ਇਸ ਅਖ਼ਬਾਰ ਨੇ ਲਿਖਿਆ ਸੀ,“ਅੱਜ ਵਿਦੇਸ਼ੀ ਧਰਤੀ ਉੱਤੇ ਪਰ ਸਾਡੇ ਦੇਸ਼ ਦੀ ਭਾਸ਼ਾ ਵਿਚ ਬਰਤਾਨਵੀ ਰਾਜ ਦੇ ਖਿਲਾਫ਼ ਇੱਕ ਲੜਾਈ ਸ਼ੁਰੂ ਹੋ ਗਈ ਹੈ। ਸਾਡਾ ਨਾਂਅ ਕੀ ਹੈ? ਗਦਰ! ਸਾਡਾ ਕੰਮ ਕੀ ਹੈ? ਗਦਰ! ਗਦਰ ਕਿੱਥੇ ਹੋਵੇਗਾ? ਹਿੰਦੁਸਤਾਨ ਵਿਚ!” ਗਦਰੀਆਂ ਦਾ ਮੁੱਖ ਨਾਅਰਾ ਸੀ ,“ਇਨਕਲਾਬ ਤੇ ਦੇਸ਼ ਮੁਕਤੀ ਲਈ ਸਭ ਕੁਝ ਦਾਅ ਤੇ ਲਾ ਦਿਓ।” ਇਸ ਤੋਂ ਬਿਨਾਂ ਦੇਸ਼ ਭਗਤਾਂ ਦੀ ਬਾਣੀ ਥੱਲੇ “ਗਦਰ ਦੀ ਗੂੰਜ” ਪਰਚਾ ਕੱਢਿਆ ਜਾਂਦਾ ਸੀ, ਜਿਸਨੂੰ ਲਾਲਾ ਹਰਦਿਆਲ ਜੀ ਚਲਾ ਰਹੇ ਸਨ। ਬਰਤਾਨਵੀ ਸਰਕਾਰ ਨੇ ਪਰਚੇ ਦੀ ਹਰਮਨ ਪਿਆਰਤਾ ਨੂੰ ਦੇਖਦਿਆਂ ਲਾਲਾ ਹਰਦਿਆਲ ਨੂੰ ਅਮਰੀਕਾ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ। ਲਾਲਾ ਜੀ ਦੀ ਘਾਟ ਨੂੰ ਭਾਈ ਸੰਤੋਖ ਸਿੰਘ ਨੇ ਪੂਰਾ ਕੀਤਾ ।

ਇਹ ਲਹਿਰ ਉਸ ਸਮੇਂ ਉੱਠੀ ਜਦੋਂ ਅੰਗਰੇਜ਼ ਸਾਮਰਾਜ ਪਹਿਲੀ ਸੰਸਾਰ ਜੰਗ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਗਦਰੀਆਂ ਨੇ ਇਹ ਸਭ ਤੋਂ ਢੁਕਵਾਂ ਮੌਕਾ ਸਮਝਿਆ। ਇਹੋ ਜਿਹੇ ਸਮੇਂ ਬਾਹਰੀ ਅਤੇ ਅੰਦਰੂਨੀ ਹਮਲਿਆਂ ਦੀ ਮਾਰ ਝਲ ਸਕਣਾ ਅੰਗਰੇਜ਼ਾਂ ਦੇ ਵੱਸ ਦੀ ਗੱਲ ਨਹੀਂ ਸੀ। ਗਦਰ ਲਹਿਰ ਦੀ ਗੂੰਜ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚ ਚੁੱਕੀ ਸੀ। ਪੰਜਾਬੀਆਂ ਦੀ ਇਸ ਵਧ ਰਹੀ ਜਥੇਬੰਦੀ ਦੀ ਚੇਤਨਤਾ ਨੂੰ ਦੇਖਦਿਆਂ ਬਰਤਾਨਵੀ ਸਰਕਾਰ ਨੇ ਹਿੰਦੁਸਤਾਨੀਆਂ ਨੂੰ ਕੈਨੇਡਾ ਆਉਣ ਤੋਂ ਰੋਕਣ ਲਈ ਇਕ ਸ਼ਰਤ ਰੱਖੀ ਕਿ ਉਹ ਭਾਰਤੀ ਕੈਨੇਡਾ ਆ ਸਕਦਾ ਹੈ ਜੋ ਬੰਦਰਗਾਹ ਤੇ 200 ਡਾਲਰ ਸਕਿਉਰਿਟੀ ਵਜੋਂ ਭਰੇ ਤੇ ਸਿੱਧਾ ਕੈਨੇਡਾ ਆਉਣ ਵਾਲੇ ਜਹਾਜ਼ ਵਿੱਚ ਹੀ ਆਵੇ । ਇਸ ਨਾਲ ਭਾਰਤੀਆਂ ਅੰਦਰ ਨਿਰਾਸ਼ਤਾ ਪੈਦਾ ਹੋ ਗਈ।

ਇਸ ਸਮੱਸਿਆ ਦਾ ਹੱਲ ਉਸ ਵੇਲੇ ਆਪਣੇ ਆਪ ਹੋ ਗਿਆ ਜਦੋਂ ਭਾਰਤ ਦੇ ਇੱਕ ਅਮੀਰ ਵਪਾਰੀ ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਤੋਂ ਐਸ. ਐਸ. ਕਾਮਾਗਾਟਾਮਾਰੂ ਜਹਾਜ਼ ਕਿਰਾਏ ਤੇ ਲੈ ਲਿਆ। 376 ਮੁਸਾਫਿਰਾਂ ਸਮੇਤ ਇਹ ਜਹਾਜ਼ ਕੈਨੇਡਾ ਲਈ ਚੱਲ ਪਿਆ ਪਰ ਕੈਨੇਡਾ ਦੀ ਸਰਕਾਰ ਨੇ ਇਸ ਜਹਾਜ਼ ਦੇ ਮੁਸਾਫਿਰਾਂ ਨੂੰ ਕੈਨੇਡਾ ਦੀ ਧਰਤੀ ਉਤਰਨ ਦੀ ਇਜਾਜ਼ਤ ਨਾ ਦਿੱਤੀ। ਕੁਝ ਦਿਨ ਠਹਿਰ ਕੇ ਜਹਾਜ਼ ਵਿਚਲੇ ਇੱਕ ਮੁਸਾਫਿਰ ਮਨਸ਼ਾ ਸਿੰਘ ਨੇ ਅਦਾਲਤ ਦਾ ਬੂਹਾ ਖੜਕਾਇਆ। ਅਦਾਲਤ ਵਿਚ ਕੇਸ ਚੱਲਿਆ ਪਰ ਫੈਸਲਾ ਮੁਸਾਫਿਰਾਂ ਦੇ ਵਿਰੁੱਧ ਹੋ ਗਿਆ । ਇਸ ਤਰ੍ਹਾਂ ਖਾਣ ਪੀਣ ਦਾ ਖਰਚਾ ਲੈ ਕੇ ਇਹ ਜਹਾਜ਼ 23 ਜੁਲਾਈ ,1914 ਨੂੰ ਭਾਰਤ ਲਈ ਵਾਪਸ ਚੱਲ ਪਿਆ। ਜਦੋਂ ਇਹ ਜਹਾਜ਼ ਜਾਪਾਨ ਦੀ ਬੰਦਰਗਾਹ ਯੋਕੋਹਾਮਾ ਪਹੁੰਚਿਆ ਤਾਂ ਬਾਬਾ ਸੋਹਣ ਸਿੰਘ ਭਕਨਾ ਅਤੇ ਹੋਰ ਕ੍ਰਾਂਤੀਕਾਰੀ ਇਸ ਜਹਾਜ਼ ਦੇ ਮੁਸਾਫਿਰਾਂ ਨੂੰ ਮਿਲੇ । ਉਹਨਾਂ ਨੇ ਸੌ ਪਿਸਤੌਲ, ਗੋਲੀ-ਸਿੱਕਾ ਅਤੇ ਗਦਰ ਦੀ ਗੂੰਜ ਆਦਿ ਇਨਕਲਾਬੀ ਸਾਹਿਤ ਬਾਬਾ ਗੁਰਦਿੱਤ ਸਿੰਘ ਨੂੰ ਦਿੱਤਾ ਤੇ ਗਦਰ ਦੀ ਸਕੀਮ ਸਮਝਾਈ। 29 ਸਤੰਬਰ,1914 ਨੂੰ ਕਲਕੱਤੇ ਦੀ ਬਜਬਜ ਘਾਟ ਉੱਤੇ ਜਦੋਂ ਇਹ ਜਹਾਜ਼ ਪਹੁੰਚਿਆ ਤਾਂ ਅੰਗਰੇਜ਼ਾਂ ਨੇ ਇਸ ਦਾ “ਸਵਾਗਤ” ਅੰਨ੍ਹੇਵਾਹ ਗੋਲੀਆਂ ਨਾਲ ਕੀਤਾ । ਸਿੱਟੇ ਵਜੋਂ 16 ਮੁਸਾਫਿਰ ਮਾਰੇ ਗਏ ਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ।

ਜਦੋਂ ਇਸ ਦੁਖਾਂਤ ਦਾ ਅਮਰੀਕਾ ਵਿਚ ਪਤਾ ਲੱਗਿਆ ਤਾਂ ਗਦਰ ਪਾਰਟੀ ਨੇ ਭਾਰਤ ਜਾ ਕੇ ਅੰਦੋਲਨ ਕਰਨ ਦਾ ਨਿਸ਼ਚਾ ਕਰ ਲਿਆ। ਜਥਿਆਂ ਦੇ ਰੂਪ ਵਿਚ ਗਦਰੀ ਭਾਰਤ ਪਹੁੰਚਣੇ ਸ਼ੁਰੂ ਹੇ ਗਏ । ਪਹਿਲਾ ਜਥਾ 1914 ਵਿਚ ਜੋ 50 ਗਦਰੀਆਂ ਦਾ ਸੀ , ਲਾਲਾ ਹਰਦਿਆਲ ਦੀ ਅਗਵਾਈ ਵਿਚ ਭਾਰਤ ਪਹੁੰਚਿਆ । ਦੂਸਰਾ ਜਥਾ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਿਚ ਕੋਲੰਬੋ ਰਾਹੀਂ ਭਾਰਤ ਪਹੁੰਚਿਆ। ਤੀਸਰਾ ਜਥਾ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਭਾਰਤ ਪਹੁੰਚਿਆ। ਸੂਹ ਮਿਲਣ ਕਰਕੇ ਇਹ ਜਥਾ ਗ੍ਰਿਫਤਾਰ ਕਰ ਲਿਆ ਗਿਆ। ਮਾਈਕਲ ਅਡਵਾਇਰ ਦੀ ਰਿਪੋਰਟ ਅਨੁਸਾਰ ਕੁੱਲ 8000 ਹਿੰਦੁਸਤਾਨੀ ਭਾਰਤ ਪਹੁੰਚੇ , ਜਿਹਨਾਂ ਵਿੱਚੋਂ 400 ਜੇਲ੍ਹਾਂ ਵਿਚ ਭੇਜੇ ,2500 ਨੂੰ ਘਰਾਂ ਚ ਨਜ਼ਰਬੰਦ ਕੀਤਾ ਤੇ ਬਾਕੀ 5000 ਦੇ ਲਗਭਗ ਨੂੰ ਛੱਡ ਦਿੱਤਾ।

Êਪੰਜਾਬ ਵਿਚ ਗਦਰੀ ਪਾਰਟੀ ਦੇ ਆਗੂਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ । ਇਹ ਲੀਡਰ ਸਨ ਸ੍ਰੀ ਰਾਸ ਬਿਹਾਰੀ ਬੋਸ , ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਪ੍ਰਮਾਨੰਦ ਤੇ ਕਰਤਾਰ ਸਿੰਘ ਸਰਾਭਾ। ਹਥਿਆਰਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਗਦਰੀਆਂ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ । ਪਹਿਲਾ ਡਾਕਾ 23 ਫਰਵਰੀ, 1915 ਨੂੰ ਸਾਹਨੇਵਾਲ ਮਾਰਿਆ। ਇਸ ਤੋਂ ਬਾਅਦ ਮਨਸੂਰਾਂ , ਝਾਮ , ਚੱਬਾ ਅਤੇ ਰਾਹੋਂ ਉੱਟੀ ਵਿਖੇ ਡਾਕੇ ਮਾਰੇ ਗਏ। ਡਾਕਿਆਂ ਵਿਚ ਕਰਤਾਰ ਸਿੰਘ ਸਰਾਭਾ, ਗੁਰਮੁਖ ਸਿੰਘ ਲਲਤੋਂ, ਗੰਡਾ ਸਿੰਘ ਕੱਚਰਭਾਨ, ਨਿਧਾਨ ਸਿੰਘ , ਅਰਜਨ ਸਿੰਘ ਖੁਖਰਾਣਾ, ਵਰਿਆਮ ਸਿੰਘ ਤੇ ਰਾਮ ਰੱਖਾ (ਦੋਵੇਂ ਚੱਬਾ ਡਾਕੇ ਦੇ ਸ਼ਹੀਦ) ਬੀਰ ਸਿੰਘ ਬਾਹੋਵਾਲ ਤੇ ਜਗਤ ਸਿੰਘ ਉਭਰਵੇਂ ਗਦਰੀ ਸ਼ਾਮਿਲ ਹੁੰਦੇ ਸਨ।

ਗਦਰ ਪਾਰਟੀ ਨੇ ਭਾਰਤੀ ਫੌਜੀਆਂ ਨੂੰ ਬਰਤਾਨਵੀ ਸਰਕਾਰ ਦੇ ਖਿਲਾਫ਼ ਗਦਰ ਕਰਨ ਲਈ ਪ੍ਰੇਰਿਤ ਕੀਤਾ। ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ ਸਾਮਰਾਜ ਪਹਿਲੀ ਜੰਗ ਵਿਚ ਉਲਝਿਆ ਹੋÎਇਆ ਸੀ। “ਜੰਗ-ਏ-ਆਜ਼ਾਦੀ”,“ਗਦਰ ਦੀ ਗੂੰਜ”, ਗਦਰ ਆਦਿ ਪਰਚੇ ਲੋਕਾਂ ਵਿਚ ਵੰਡੇ ਗਏ। ਅੰਮ੍ਰਿਤਸਰ ਤੇ ਲਾਹੌਰ ਵਿਚ ਬੰਬ ਫੈਕਟਰੀਆਂ ਵੀ ਚਾਲੂ ਕਰ ਦਿੱਤੀਆਂ ।

ਪਾਰਟੀ ਨੇ 21 ਫਰਵਰੀ, 1915 ਨੂੰ ਗਦਰ ਕਰਨ ਦੀ ਸਕੀਮ ਬਣਾਈ । ਮੀਆਂਮੀਰ ਛਾਉਣੀ ਤੇ ਫਿਰੋਜਪੁਰ ਛਾਉਣੀ ਉੱਤੇ ਹਮਲਾ ਕਰਨਾ ਮਿਥਿਆ ਗਿਆ ਪਰ ਪਾਰਟੀ ਦੇ ਵਿਚਲੇ ਗਦਾਰ ਕ੍ਰਿਪਾਲ ਸਿੰਘ ਦੀ ਗਦਾਰੀ ਕਾਰਨ ਗਦਰ ਦੀ ਸਕੀਮ ਸਿਰੇ ਨਾ ਚੜ੍ਹਤ ਸਕੀ। ਪਾਰਟੀ ਨੇ ਤਰੀਕ ਬਦਲ ਕੇ 19 ਫਰਵਰੀ ਰੱਖ ਦਿੱਤੀ ਇਸ ਦਾ ਵੀ ਉਸੇ ਗਦਾਰ ਰਾਹੀਂ ਅੰਗਰੇਜ਼ ਹਕੂਮਤ ਨੂੰ ਪਤਾ ਲੱਗ ਗਿਆ। ਅੰਗਰੇਜ਼ਾਂ ਨੇ ਭਾਰਤੀ ਫੌਜੀ ਬੇਹਥਿਆਰ ਕਰ ਦਿੱਤੇ, ਬਹੁਤਿਆਂ ਨੂੰ ਫੌਜ ਚੋਂ ਕੱਢ ਦਿੱਤਾ ਗਿਆ। ਗਦਰੀਆਂ ਦੇ ਟਿਕਾਣਿਆਂ ਉੱਤੇ ਛਾਪੇ ਮਾਰ ਕੇ ਸਾਰਾ ਅਸਲਾ ਤੇ ਹਥਿਆਰ ਫੜੇ ਗਏ।

ਇਕ ਗਦਾਰ ਨੇ ਮਹਾਨ ਯੋਧਿਆਂ ਦੇ ਗਦਰ ਦੀ ਸਕੀਮ ਫੇਲ• ਕਰ ਦਿੱਤੀ। ਸਰਗੋਧੇ ਲਾਗਿਓਂ ਇੱਕ ਰਸਾਲਦਾਰ ਦੀ ਮੁਖਬਰੀ ਕਾਰਨ ਕਰਤਾਰ ਸਿੰਘ ਸਰਾਭਾ, ਜਗਤ ਸਿੰਘ , ਹਰਨਾਮ ਸਿੰਘ ਟੁੰਡੀਲਾਟ ਜਿਹੇ ਗਦਰੀ ਸੂਰਮਿਆਂ ਨੂੰ ਗ੍ਰਿਫਤਾਰ ਕਰਕੇ , ਮੁਕੱਦਮਾ ਚਲਾ ਕੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਹੋਰ ਦੇਸ਼ ਭਗਤਾਂ ਉੱਤੇ ਮੁਕੱਦਮੇ ਚਲਾ ਕੇ 145 ਦੇ ਕਰੀਬ ਗਦਰੀ ਸੂਰਮਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਵੇਂ ਗਦਰ ਦੀ ਸਕੀਮ ਸਫਲ ਨਾ ਹੋ ਸਕੀ ਪਰ ਇਸ ਲਹਿਰ ਨੇ ਅੰਗਰੇਜ਼ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ।

                        

ਬੱਬਰ ਅਕਾਲੀ ਲਹਿਰ – ਵੀਹਵੀਂ ਸਦੀ ਭਾਰਤ ਵਾਸੀਆਂ ਲਈ ਨਵੀਂ ਜਾਗ੍ਰਿਤੀ ਲੈ ਕੇ ਆਈ। ਬਰਤਾਨਵੀ ਸਾਮਰਾਜ ਦੇ ਖਿਲਾਫ ਅਨੇਕਾਂ ਸੰਘਰਸ਼ ਵਿੱਢੇ ਗਏ ਸਨ । ਰਾਜਸੀ ਚੇਤਨਤਾ 1905 ਦੀ ਬੰਗਾਲ ਵੰਡ ਦੇ ਵਿਰੁੱਧ ਲਹਿਰ, 1907 ਵਿਚ ਪਗੜੀ ਸੰਭਾਲ ਜੱਟਾ ਲਹਿਰ, 1910 ਵਿੱਚ ਹਾਰਡਿੰਗ ਬੰਬ ਕੇਸ, 1914 ਵਿਚ ਗਦਰ ਪਾਰਟੀ ਲਹਿਰ ਤੇ 1919 ਵਿਚ ਜ਼ਲਿਆਂਵਾਲਾ ਬਾਗ ਦੀ ਘਟਨਾ ਭਾਰਤ ਵਾਸੀਆਂ ਦੇ ਮਨਾਂ ਅੰਦਰ ਘਰ ਕਰ ਗਈ । ਸਮਾਜਿਕ ਤੇ ਧਾਰਮਿਕ ਆਜ਼ਾਦੀ ਅੰਗਰੇਜਾਂ ਨੇ ਲੋਕਾਂ ਪਾਸੋਂ 1911 ਨੂੰ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਕੇ 1914 ਵਿਚ ਕਾਮਾਗਾਟਾਮਾਰੂ ਜਹਾਜ਼ ਦੇ ਦੇਸ਼ ਭਗਤਾਂ ਉੱਪਰ ਗੋਲੀ ਚਲਾ ਕੇ ਖੋਹ ਲੈਣ ਦਾ ਸਬੂਤ ਦਿੱਤਾ। ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਬਰਤਾਨਵੀ ਸਾਮਰਾਜ ਦੇ ਖਿਲਾਫ਼ ਪੈਦਾ ਹੋਈ ਨਫ਼ਰਤ ਜਵਾਲਾ ਬਣ ਉੱਠੀ, ਜਿਹੜੀ ਬੱਬਰ ਅਕਾਲੀ ਲਹਿਰ ਦੇ ਰੂਪ ਵਿਚ ਪ੍ਰਚੰਡ ਹੋਈ।

ਬੱਬਰ ਅਕਾਲੀ ਲਹਿਰ ਦੇ ਪੈਦਾ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਗੁਰਦੁਆਰਾ ਸੁਧਾਰ ਲਹਿਰ ਮੁਕੰਮਲ ਤੌਰ ਤੇ ਸ਼ਾਂਤਮਈ ਲਹਿਰ ਸੀ। ਇਸ ਲਹਿਰ ਵਿਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਨੂੰ ਸਾਂਤਮਈ ਰਹਿਣ ਦਾ ਪ੍ਰਣ ਲੈਣਾ ਜਰੂਰੀ ਸੀ । ਇਹ ਲਹਿਰ ਗੁਰਦੁਆਰਿਆਂ ਨੂੰ ਮਹੰਤਾਂ ਤੇ ਜਾਗੀਰਦਾਰਾਂ ਤੋਂ ਮੁਕਤ ਕਰਵਾਉਣ ਲਈ ਉੱਠੀ ਸੀ। ਮਹੰਤ, ਜਿਹੜੇ ਜਨਰਲ ਡਾਇਰ ਨੂੰ ਸਿਰੋਪਾਓ ਭੇਂਟ ਕਰਦੇ ਅਤੇ ਗੁਰਦੁਆਰਿਆਂ ਨੂੰ ਆਪਣੇ ਕੁਕਰਮਾਂ ਲਈ ਵਰਤਦੇ ਸਨ। ਲਹਿਰ ਦੇ ਉੱਠਣ ਨਾਲ ਅੰਗਰੇਜ਼ ਸਰਕਾਰ ਮਹੰਤਾਂ ਦੀ ਪਿੱਠ ਤੇ ਆ ਖਲੌਤੀ। 1921 ਵਿੱਚ ਇਹ ਲਹਿਰ ਜ਼ੋਰਾਂ ਤੇ ਸੀ। 20 ਫਰਵਰੀ, 1921ਨੂੰ ਨਨਕਾਣਾ ਸਾਹਿਬ ਦਾ ਸਾਕਾ ਹੋਇਆ। 86 ਨਿਹੱਥੇ ਲੋਕਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿਤਾ ਗਿਆ। ਕਈਆਂ ਨੂੰ ਜਿਊਂਦੇ ਸਾੜਿਆ ਗਿਆ। ਇਸ ਸਾਕੇ ਨੇ ਜ਼ਲਿਆਂ ਵਾਲੇ ਬਾਗ ਦੇ ਜ਼ਖ਼ਮਾਂ ਨੂੰ ਛਿੱਲ ਕੇ ਰੱਖ ਦਿੱਤਾ। ਇਸ ਸਾਕੇ ਪਿੱਛੋਂ ਪਿੰਡਾਂ ਵਿੱਚੋਂ ਉੱਠੀ ਜਨਤਾ ਗੁਰੂ ਦੇ ਬਾਗ ਦੇ ਸ਼ਾਂਤਮਈ ਮੋਰਚੇ ਲਈ ਅੱਗੇ ਵਧੀ । ਇਸ ਮੋਰਚੇ ਦੇ ਸੰਗਰਾਮੀ ਸੂਰਬੀਰਾਂ ਨੇ ਜ਼ਾਬਤੇ ਦੀ ਹੱਦ ਹੀ ਕਰ ਦਿੱਤੀ।

ਗੰਭੀਰਤਾ , ਸਬਰ ਤੇ ਬਹਾਦਰੀ ਨਾਲ ਸਿੱਖਾਂ ਨੂੰ ਕਸ਼ਟ ਸਹਿੰਦਿਆਂ ਤੱਕ ਦੁਨੀਆਂ ਅਸ਼-ਅਸ਼ ਕਰ ਉੱਠੀ । ਇਕ ਅੰਗਰੇਜ਼ ਅਫਸਰ ਬੀ.ਟੀ. ਬੇਤਹਾਸ਼ਾ ਜ਼ੁਲਮ ਢਾਹੁੰਦਾ ਸਿੱਖ ਸੂਰਬੀਰਾਂ ਦੇ ਸਿਰ ਉੱਤੇ ਪੈਰ ਰੱਖ ਕੇ ਪੁੱਛਦਾ ,“ਦੱਸੋ ਤੁਹਾਡਾ ਗੁਰੂ ਕਿੱਥੇ ਹੈ?” ਸਿੱਖਾਂ ਨੇ ਲਾਠੀਆਂ ਦੀ ਮਾਰ ਤਾਂ ਸਹਿ ਲਈ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਖਿਲਾਫ ਦੁਰਬਚਨ ਸੁਣ ਕੇ ਉਹਨਾਂ ਦੇ ਹਿਰਦੇ ਵਲੂੰਧਰੇ ਗਏ। ਬੱਬਰ ਅਕਾਲੀ ਲਹਿਰ ਇਸ ਅੱਤਿਆਚਾਰ ਤੇ ਜ਼ੁਲਮ ਦੇ ਵਿਰੁੱਧ ਜਜ਼ਬੇ ਦਾ ਚਮਤਕਾਰ ਸੀ। ਜਦੋਂ ਅੰਗਰੇਜ਼ ਸਿਪਾਹੀ ਪਿੰਡਾਂ ਵਿਚ ਜ਼ਬਰੀ ਧਨ ਇਕੱਠਾ ਕਰਕੇ ਧੀਆਂ-ਭੈਣਾਂ ਦੀ ਬੇਇਜ਼ਤੀ ਕਰਦੇ ਤਾਂ ਸਿੱਖ ਨੌਜਵਾਨਾਂ ਦਾ ਖੂਨ ਉਬਾਲੇ ਖਾ ਉੱਠਦਾ। ਉਹਨਾਂ ਦੀ ਅਣਖ ਵੰਗਾਰਦੀ । ਉਹ ਹਥਿਆਰਬੰਦ ਲੜਾਈ ਲਈ ਇਕ-ਇਕ ਕਰਕੇ ਵਧਦੇ ਗਏ। ਲਹਿਰ ਦੇ ਬਾਨੀ ਸ:ਕਿਸ਼ਨ ਸਿੰਘ ਗੜਗੱਜ ਲੋਕ ਇਕੱਠਾਂ ਨੂੰ ਸੰਬੋਧਨ ਕਰਦੇ ਸਿੱਖ ਨੌਜਵਾਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੁਰਮਾਨ ਤੋਂ ਜਾਣੂ ਕਰਵਾਉਂਦੇ:

“ਚੂੰ ਕਰ ਅਜ਼ ਹਮਾ ਹੀਲਤੇ ਦਰ ਗੁਜਸਤ।

ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ।”

ਦੁਆਬੇ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਜਥੇਦਾਰ ਨਾਲ ਆ ਮਿਲੇ ਤਾਂ ਇਥੋਂ ਹੀ ਬੱਬਰ ਅਕਾਲੀ ਲਹਿਰ ਜ਼ੋਰ ਫੜ ਗਈ।

ਬੱਬਰ ਅਕਾਲੀ ਲਹਿਰ ਦਾ ਮੁੱਖ ਮਕਸਦ ਹਥਿਆਰਬੰਦ ਬਗਾਵਤ ਰਾਹੀਂ ਅੰਗਰੇਜ਼ੀ ਹਕੂਮਤ ਦਾ ਤਖਤਾ ਉਲਟਾਉਣਾ ਸੀ। ਇਸ ਬਾਰੇ ਇਕ ਅੰਗਰੇਜ਼ ਜੱਜ ਨੇ ਇਕ ਫੈਸਲੇ ਵਿਚ ਲਿਖਿਆ ਹੈ , ਬੱਬਰ ਜਥੇ ਦਾ ਮਕਸਦ ਇਹ ਸੀ ਕਿ “ਪੈਸਾ ਅਤੇ ਹਥਿਆਰ ਇਕੱਠੇ ਕੀਤੇ ਜਾਣ, ਹਿੰਦੁਸਤਾਨੀ ਫੌਜ ਖਾਸ ਕਰਕੇ ਉਸ ਦੇ ਸਿੱਖ ਹਿੱਸੇ ਵਿਚ ਅੰਗਰੇਜ਼ੀ ਹਕੂਮਤ ਬਾਰੇ ਬੇਵਫ਼ਾਈ ਦਾ ਜਜ਼ਬਾ ਭਰਿਆ ਜਾਵੇ ਅਤੇ ਜਦੋਂ ਹਾਲਾਤ ਤਿਆਰ ਹੋ ਜਾਣ ਤਾਂ 1857 ਵਰਗਾ ਗਦਰ ਕੀਤਾ ਜਾਵੇ।”

ਉਪਰੋਕਤ ਮਕਸਦ ਦੀ ਸਫਲਤਾ ਲਈ ਬੱਬਰਾਂ ਨੇ ਪਿੰਡਾਂ ਵਿਚ ਜਥੇ ਭੇਜ ਕੇ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ । ਪਿੰਡਾਂ ਵਿੱਚ ਮੀਟਿੰਗਾਂ ਤੇ ਜਲਸਿਆਂ ਦੀ ਝੜੀ ਲਾ ਦਿੱਤੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਤਕਰੀਰਾਂ ਸੁਣਨ ਆਉਂਦੇ । ਬੱਬਰਾਂ ਦਾ ਆਮ ਜਨਤਾ ਵਿੱਚ ਬਹੁਤ ਚੰਗਾ ਪ੍ਰਭਾਵ ਸੀ। ਸਟੇਜ ਤੇ ਭਾਸ਼ਣ ਦਿੰਦਿਆਂ ਬੱਬਰਾਂ ਵੱਲ ਤੱਕਣ ਦੀ ਪੁਲਸ ਜੁਅਰਤ ਨਹੀਂ ਸੀ ਕਰਦੀ। ਬੱਬਰਾਂ ਨੇ ਇਸ ਪ੍ਰਚਾਰਕ ਜਥੇ ਨੂੰ “ਚੱਕਰਵਰਤੀ ਜਥੇ” ਦਾ ਨਾਂਅ ਦਿੱਤਾ ਗਿਆ । ਇਹ ਅਣਥੱਕ ਸੂਰਮੇ ਇਕ ਦਿਨ ਵਿਚ ਚਾਰ ਚਾਰ ਪਿੰਡਾਂ ਵਿੱਚ ਦੀਵਾਨ ਸਜਾਉਂਦੇ ਤੇ ਲਹਿਰ ਦਾ ਪ੍ਰਚਾਰ ਕਰਦੇ ਸਨ। ਸਰਕਾਰ ਦੇ ਕੁਝ ਝੋਲੀ ਚੁੱਕ ਬੱਬਰਾਂ ਨੂੰ ਫੜਾਉਣ ਲਈ ਪੁਲਸ ਨੂੰ ਸੱਦ ਲੈਂਦੇ। ਬੱਬਰ ਅੱਗੇ ਨਿਕਲ ਜਾਂਦੇ ਪੁਲਸ ਦਾ ਕਹਿਰ ਪਿੰਡ ਦੇ ਲੋਕਾਂ ਉੱਤੇ ਟੁੱਟ ਪੈਂਦਾ। ਜਦੋਂ ਬੱਬਰਾਂ ਨੂੰ ਇਸ ਗੱਲ ਦਾ ਅਹਿਸਾਸ ਹੋÎਇਆ ਤਾਂ ਅੰਗ ਉਹਨਾਂ ਰੇਜ਼ ਸਾਮਰਾਜ ਦੀ ਜੜ੍ਹ ਇਹਨਾਂ ਝੋਲੀ ਚੁੱਕਾ ਨੂੰ ਸੋਧਣ ਦਾ ਮਤਾ ਪਾਸ ਕੀਤਾ।

ਬੱਬਰ ਸੂਰਮਿਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਸਭ ਤੋਂ ਪਹਿਲਾਂ ਵਾਰ ਪੁਲਿਸ ਦੇ ਮੁਖਬਰ ਹਰਨਾਮ ਸਿੰਘ ਸਫੈਦਪੋਸ ਤੇ ਕੀਤਾ। ਇਸ ਤੋਂ ਬਾਅਦ ਬਿਸ਼ਨ ਸਿੰਘ , ਬੂਟਾ ਸਿੰਘ ਨੰਬਰਦਾਰ ਤੇ ਲਾਭ ਸਿੰਘ ਆਦਿ ਝੋਲੀ ਚੁੱਕਾਂ ਤੇ ਹੋਰ ਦੇਸ਼ ਦੇ ਗਦਾਰਾਂ ਦਾ ਸਫਾਇਆ ਕੀਤਾ । ਬੱਬਰਾਂ ਨੇ ਆਮ ਜਨਤਾ ਨੂੰ ਪੁਲਿਸ ਦੇ ਜਬਰ ਤੋਂ ਬਚਾਉਣ ਲਈ ਸੂਰਮਿਆ ਵਾਲਾ ਫਰਜ਼ ਅਦਾ ਕੀਤਾ। ਤਿੰਨ ਬੱਬਰਾਂ ਨੂੰ ਕਤਲਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਡਿਊਟੀ ਲਗਾਈ ਗਈ । ਇਹ ਬੱਬਰ ਸਨ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ ਤੇ ਉਦੈ ਸਿੰਘ ਰਾਮਗੜ੍ਹ ਝੁੰਗੀਆਂ।

ਲਹਿਰ ਦੀ ਚੜ੍ਹਤ ਵੇਖ ਕੇ ਅੰਗਰੇਜ਼ ਹਕੂਮਤ ਨੂੰ ਕੰਬਣੀਆਂ ਛਿੜ ਪਈਆਂ। ਉਸ ਨੂੰ ਆਪਣਾ ਤਖਤ ਹਿਲਦਾ ਜਾਪਿਆ ਪਰ ਦੇਸ਼ ਦੇ ਗਦਾਰਾਂ ਤੇ ਹਕੂਮਤ ਦੇ ਝੋਲੀ ਚੁੱਕਾਂ ਨੇ ਪੈਸੇ ਤੇ ਜ਼ਮੀਨ ਦੇ ਲਾਲਚ ਵਿੱਚ ਆ ਕੇ ਬੱਬਰ ਦੇਸ਼ ਭਗਤਾਂ ਨੂੰ ਕੈਦ ਕਰਵਾਉਣਾ ਸ਼ੁਰੂ ਕਰਵਾ ਦਿੱਤਾ । ਇਹਨਾਂ ਗਦਾਰਾਂ ਦੀ ਗਦਾਰੀ ਕਾਰਨ ਧੰਨਾ ਸਿੰਘ ਬਹਿਬਲਪੁਰੀਆ ਵਰਗੇ ਬੱਬਰ ਸੂਰਮੇ ਆਪਣੇ ਜਿਊਂਦੇ ਜੀਅ ਪੁਲਿਸ ਹੱਥ ਨਾ ਆਉਣ ਦੇ ਬਚਨ ਨੂੰ ਨਿਭਾਉਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ। ਬਹੁਤ ਸਾਰੇ ਬੱਬਰ ਗ੍ਰਿਫਤਾਰ ਕਰ ਲਏ ਗਏ। ਕੁਝ ਮੁਕਾਬਲਿਆਂ ਵਿੱਚ ਸ਼ਹੀਦੀਆਂ ਪਾ ਗਏ ਅਤੇ ਕਈਆਂ ਨੂੰ ਉਮਰ ਕੈਦ ਤੇ ਕਾਲੇ ਪਾਣੀਆਂ ਦੀਆਂ ਸਖ਼ਤ ਸਜਾਵਾਂ ਦਿੱਤੀਆਂ ਗਈਆਂ। ਬੱਬਰ ਲਹਿਰ ਦੇ ਜਥੇਦਾਰ ਸ:ਕਿਸ਼ਨ ਸਿੰਘ ਗੜਗੱਜ, ਬਾਬੂ ਸਿੰਘ , ਸ:ਦਲੀਪ ਸਿੰਘ ਧਾਮੀਆਂ,ਸ:ਕਰਮ ਸਿੰਘ ਮਾਣੋਕੇ ਅਤੇ ਸ: ਨੰਦ ਸਿੰਘ ਘਡਿਆਲ ਆਦਿ ਨੂੰ 27 ਫਰਵਰੀ, 1926 ਨੂੰ ਇਕੱਠਿਆਂ ਫਾਂਸੀ ਦੇ ਦਿੱਤੀ ਗਈ।

ਇਸ ਘਟਨਾ ਨੇ ਪੰਜਾਬ ਦੀ ਜ਼ਖਮੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਪੰਜਾਬ ਦੀ ਜਵਾਨੀ ਨੇ ਉਛਾਲਾ ਖਾਧਾ। ਇਸੇ ਉਛਾਲੇ ਚੋਂ ਸ: ਭਗਤ ਸਿੰਘ , ਸੁਖਦੇਵ, ਰਾਜਗੁਰੂ, ਚੰਦਰ ਸੇਖਰ ਆਜ਼ਾਦ ਤੇ ਹੋਰ ਕਿੰਨੇ ਹੀ ਸੂਰਮੇ ਅੰਗਰੇਜ਼ੀ ਸਾਮਰਾਜ ਲਈ ਅੱਗੇ ਭਾਂਬੜ ਬਣ ਕੇ ਉੱਠੇ।

ਆਜ਼ਾਦੀ ਲਈ ਮਰ ਮਿਟਣ ਵਾਲੇ ਕਿੰਨੇ ਹੀ ਜਾਨਾਂ ਨਿਛਾਵਰ ਕਰ ਗਏ ਸੂਰਮਿਆਂ ਦਾ ਸੁਪਨਾ ਦੇਸ਼ ਵਿਚ ਉੱਠੀਆਂ ਬਗਾਵਤਾਂ ਰਾਹੀਂ 15 ਅਗਸਤ , 1947 ਵਾਲੀ ਆਜ਼ਾਦੀ ਨਾਲ ਭਾਵੇਂ ਸੰਪੂਰਨ ਤਾਂ ਨਹੀਂ ਹੋਇਆ ਪਰ ਨਿਰਸਵਾਰਥ ਭਾਵਨਾ ਨਾਲ ਸ਼ਹੀਦੀਆਂ ਪਾਉਣ ਵਾਲੇ ਇਹਨਾਂ ਪ੍ਰਵਾਨਿਆਂ ਦਾ ਨਾਂਅ ਭਾਰਤ ਦੀ ਆਜ਼ਾਦੀ ਦੇ ਸੰਗਰਾਮੀ ਇਤਿਹਾਸ ਵਿਚ ਲਾਲ ਭਾਅ ਮਾਰਦਾ ਹਮੇਸ਼ਾ ਚਮਕਦਾ ਰਹੇਗਾ।

ਰਘਵੀਰ ਸਿੰਘ ਚੰਗਾਲ

ਧਨੌਲਾ (ਬਰਨਾਲਾ)

No comments:

Post a Comment