Tuesday, August 17, 2010

ਕਾਮੇਡੀ ਕਲਾ ਦੀ ਸੁਚਾਰੂ ਪੇਸ਼ਕਾਰੀ ਦਾ ਸਿਰਨਾਵਾਂ - ਭਗਵੰਤ ਮਾਨ

******************************************** 
-- ਰਘਵੀਰ ਸਿੰਘ ਚੰਗਾਲ



ਕਲਾ ਦੀ ਕੋਈ ਸੀਮਾ ਨਹੀਂ ਹੁੰਦੀ । ਕੋਈ ਵੀ ਕਲਾਕਾਰ ਉੱਚੇ ਤੋਂ ਉੱਚੇ ਮੁਕਾਮ ’ਤੇ ਪਹੁੰਚ ਕੇ ਵੀ ਹਮੇਸ਼ਾ ਅਧੂਰਾ ਮਹਿਸੂਸ ਕਰਦਾ ਹੈ। ਜਿਸ ਕਲਾਕਾਰ ਨੇ ਆਪਣੀ ਕਲਾ ਦੀ ਸੰਪੂਰਨਤਾ ਦਾ ਅਹਿਸਾਸ ਕਰ ਲਿਆ ਹੋਏ ਅਸਲ ਵਿਚ ਉਸ ਦੀ ਰਵਾਨਗੀ ਵਿਚ ਖੜੋਤ ਆ ਜਾਣੀ ਸੁਭਾਵਿਕ ਹੈ। ਪਿੰਡਾਂ ਦੀਆਂ ਸੱਥਾਂ ’ਚੋ ਸ਼ੁਰੂ ਹੋਈ ਭਗਵੰਤ ਮਾਨ ਦੀ ਕਲਾ ਨੂੰ ਸਮਰਪਿਤ ਜ਼ਿੰਦਗੀ ਹਰ ਚੜ੍ਹਦੀ ਸਵੇਰ ਨਵੀਆਂ ਪੁਲਾਂਘਾਂ ਹੀ ਨਹੀਂ ਪੁੱਟ ਰਹੀ ਸਗੋਂ ਛੜੱਪੇ ਮਾਰ-ਮਾਰ ਅੱਗੇ ਤੁਰਦੀ ਹੈ। ਇਹ ਗੱਲ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ ਕਿ ਕੁਦਰਤੀ ਵਰਤਾਰੇ ਦਾ ਸਭ ਤੋਂ ਵਧੇਰੇ ਸੂਝਵਾਨ ਜੀਵ ਮਨੁੱਖ ਹੈ। ਕੁਦਰਤ ਨੇ ਇਸਨੂੰ ਰਹਿਣ-ਸਹਿਣ, ਖਾਣ-ਪੀਣ, ਸੋਚਣ-ਸਮਝਣ, ਬੋਲਣ ਤੇ ਪ੍ਰਗਟਾਉਣ ਦੇ ਸਮੁੱਚੇ ਵਰਤਾਰੇ ਦੇ ਨਿਯਮ ਬਾਰੇ ਪੂਰੀ ਸੂਝ ਬਖ਼ਸ਼ੀ ਹੈ। ਇਸ ਵਰਤਾਰੇ ਵਿਚ ਮਨੁੱਖੀ ਵਰਗ ਦੀਆਂ ਪਰਤਾਂ ਦੀ ਇੱਕ ਆਪਣੀ ਹੋਂਦ ਹੈ। ਸਭਿਅਕ ਤੇ ਅਸਭਿਅਕ ਮਨੁੱਖ ਦੀਆਂ ਗੱਲਾਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਕਰਦੇ, ਸੁਣਦੇ ਰਹਿੰਦੇ ਹਾਂ। ਈਮਾਨਦਾਰ ਤੇ ਬੇਈਮਾਨ ਸ਼ਬਦ ਕਿਸੇ ਮਨੁੱਖ ਲਈ ਜਦੋਂ ਵਿਸ਼ੇਸ਼ਣ ਵਜੋਂ ਵਰਤੇ ਜਾਂਦੇ ਹਨ ਤਾਂ ਸਵੱਛ ਪਾਣੀ ਤੇ ਚਿੱਕੜ ਭਰੇ ਪਾਣੀ ਵਰਗਾ ਅੰਤਰ ਹੋ ਨਿਬੜਦਾ ਹੈ। ਇਸੇ ਅੰਤਰ ਨੂੰ ਭਗਵੰਤ ਮਾਨ ਨੇ ਆਪਣੀ ਕਲਾ ਦੇ ਜ਼ਰੀਏ ਉਜਾਗਰ ਕਰਨ ਦਾ ਉਪਰਾਲਾ ਹੀ ਨਹੀਂ ਕੀਤਾ ਸਗੋਂ ਕਾਮੇਡੀ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਪੰਜਾਬੀ ਕਾਮੇਡੀ ਜਗਤ ਵਿਚ ਭਗਵੰਤ ਮਾਨ ਦੇ ਦਾਖਲੇ ਨਾਲ ਪੰਜਾਬੀ ਹਾਸ ਕਲਾਕਾਰੀ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ। ਭਗਵੰਤ ਮਾਨ ਨੇ ਪੰਜਾਬੀ ਕਾਮੇਡੀ ਨੂੰ ਸਿਰਫ਼ ਭੰਡਾਂ ਵਾਲੇ ਹਾਸੇ ਠੱਠੇ ਤੋਂ ਚੁੱਕ ਕੇ ਗੰਭੀਰ ਰਾਜਨੀਤਕ ਅਤੇ ਸਮਾਜਿਕ ਵਿਅੰਗ ਤਕ ਪਹੁੰਚਾਇਆ ਹੈ। ਉਹ ਇੱਕੋ ਇੱਕ ਪੰਜਾਬੀ ਕਲਾਕਾਰ ਹੈ, ਜਿਹੜਾ ਪੇਂਡੂ ਤੇ ਸ਼ਹਿਰੀ ਸਮਾਜ ਦੀ ਤੁਲਨਾ ਐਨੇ ਪ੍ਰਪੱਕ ਤਰੀਕੇ ਨਾਲ ਕਰਦਾ ਹੈ। ਪਿੰਡ ਦੀ ਬੀਬੋ ਭੂਆ, ਵਿਦੇਸ਼ੀ ਵੱਸਦੇ ਲੋਕ, ਪੰਜਾਬੀ ਪੌਪ ਗਾਇਕ ਅਤੇ ਸ਼ਹਿਰਾਂ ਦੇ ਕਾਲਜੀਏਟ ਮੁੰਡੇ ਕੁੜੀਆਂ ਇੱਕੋ ਵੇਲੇ ਉਸਦੇ ਪਾਤਰ ਹਨ। ਨਿੱਤ ਬਦਲਦੇ ਤੇ ਫੈਲ ਰਹੇ ਪੰਜਾਬੀ ਆਈਟਮਾਂ ਵਿਚ ਪੂਰੀ ਨਿਰੰਤਰਤਾ ਨਾਲ ਮੌਜੂਦ ਹੈ । ਭਗਵੰਤ ਮਾਨ ਉਮਰ ਦੇ ਲਿਹਾਜ ਨਾਲ ਹਾਲੇ 30 ਕੁ ਵਰ੍ਹੇ ਟੱਪਿਆ ਹੈ ਪਰ ਪੰਜਾਬੀ ਕਾਮੇਡੀ ’ਤੇ ਉਸ ਦਾ ਪ੍ਰਭਾਵ ਐਨਾ ਜ਼ੋਰਦਾਰ ਹੈ ਕਿ ਉਸ ਤੋਂ ਬਾਅਦ ਆਉਣ ਵਾਲੇ ਕਾਮੇਡੀ ਕਲਾਕਾਰ ਉਸ ਦਾ ਪ੍ਰਭਾਵ ਕਬੂਲਣ ਬਿਨਾ ਨਹੀਂ ਰਹਿ ਸਕਣਗੇ।

Friday, August 6, 2010

ਆਜ਼ਾਦੀ ਦੇ ਸੰਘਰਸ਼ ਵਿੱਚ ਗਦਰ ਪਾਰਟੀ ਤੇ ਬੱਬਰ ਅਕਾਲੀ ਲਹਿਰਾਂ ਦਾ ਯੋਗਦਾਨ

                                           - ਰਘਵੀਰ ਸਿੰਘ ਚੰਗਾਲ



ਭਾਰਤ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿਚੋਂ ਮੁਕਤ ਕਰਵਾਉਣ ਲਈ ਪੰਜਾਬੀਆਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਦੀ ਧਰਤੀ ਦਾ ਇਤਿਹਾਸ, ਖੂਨੀ ਸਾਕਿਆਂ ਦਾ ਇਤਿਹਾਸ ਹੈ। ਬਰਤਾਨਵੀ ਸਰਕਾਰ ਦੇ ਖਿਲਾਫ ਸੂਰਬੀਰਤਾ ਤੇ ਦਲੇਰੀ ਨਾਲ ਲੜਦਿਆਂ ਅਨੇਕਾਂ ਹੀ ਪੰਜਾਬੀ ਸੂਰਬੀਰ ਸ਼ਹੀਦੀਆਂ ਪਾ ਗਏ। ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿਚ ਅਣਗਿਣਤ ਲਹਿਰਾਂ ਨੇ ਜਨਮ ਲੈ ਕੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ ਤੇ ਲਾਲਾ ਹਰਦਿਆਲ ਵਰਗੇ ਸੂਰਮਿਆਂ ਨੂੰ ਪੈਦਾ ਕੀਤਾ ਹੈ। ਇਨਾਂ ਲਹਿਰਾਂ ਦਾ ਨਾਂਅ ਭਾਰਤੀ ਇਤਿਹਾਸ ਅੱਜ ਵੀ ਲਾਲ ਭਾਅ ਮਾਰਦਾ ਹੈ। ਕੁਰਬਾਨੀ,ਤਿਆਗ ਤੇ ਸਵਾਰਥ ਤੋਂ ਦੂਰ ਦੀ ਭਾਵਨਾ ਵਾਲਾ ਇਤਿਹਾਸ ਮੋਇਆਂ ਵਿੱਚ ਜਾਨ ਪਾਕੇ ਉ ਨੂੰ ਕੁਰਬਾਨੀ ਦੀ ਵੇਦੀ ਉੱਤੇ ਆਉਣ ਲਈ ਪ੍ਰੇਰਦਾ ਹੈ। ਗਦਰ ਪਾਰਟੀ ਲਹਿਰ ਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਵੀ ਅਜਿਹੇ ਸਿਰੜੀ ਯੋਧਿਆਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ। ਭਾਵੇਂ ਇਤਿਹਾਸਕਾਰਾਂ ਨੇ ਇਨਾਂ ਲਹਿਰਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਨਾਇਆ ਹੈ ਪਰ ਫਿਰ ਵੀ ਮਹਾਨ ਸ਼ਹੀਦਾਂ ਦਾ ਨਾਂਅ ਭਾਰਤੀ ਇਤਿਹਾਸ ਦੇ ਪੰਨਿਆਂ ਉੱਤੇ ਸੂਰਜ ਵਾਂਗ ਚਮਕਦਾ ਹੈ।

ਗਦਰ ਪਾਰਟੀ ਲਹਿਰ- ਗਦਰ ਪਾਰਟੀ ਲਹਿਰ ਬਹੁਤ ਥੋੜੇ ਸਮੇਂ ਵਿਚ ਏਨੀ ਹਰਮਨ ਪਿਆਰੀ ਹੋਈ ਕਿ ਸਿੱਟੇ ਵਜੋਂ ਇਸ ਦੇ ਪ੍ਰਵਾਨਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਤੇ ਦੁਨੀਆਂ ਦੇ ਹਰ ਕੋਨੇ ਵਿਚ ਇਸਦੀ ਗੂੰਜ ਪਈ । ਭਾਰਤ ਦੇ ਸੁਨਹਿਰੇ ਭਵਿੱਖ ਦੀ ਆਸ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਜਾਂ ਅੰਗਰੇਜ਼ੀ ਰਾਜ ਦੀ ਗੋਲੀ ਦਾ ਨਿਸ਼ਾਨਾ ਹੋਏ ਇਸ ਲਹਿਰ ਦੇ ਸ਼ਹੀਦਾਂ ਦੀ ਗਿਣਤੀ 145 ਦੇ ਲਗਭਗ ਸੀ। ਉਮਰ ਕੈਦ ਕਰਕੇ ਜਲਾਵਤਨੀ ਕੱਟਣ ਵਾਲੇ 306, ਇਸ ਤੋਂ ਘੱਟ ਸਜ਼ਾ ਵਾਲੇ 77, ਬਿਨਾਂ ਮੁਕੱਦਮਾ ਚਲਾਇਆ ਜੇਲ ਵਿਚ ਬੰਦ 300 ਤੇ ਪਹਿਲੀ ਜੰਗ ਦੇ ਸਾਰੇ ਸਮੇਂ ਦੌਰਾਨ ਡਿਫੈਂਸ ਆਫ ਇੰਡੀਆ ਐਕਟ ਅਧੀਨ ਨਜ਼ਰਬੰਦਾਂ ਦੀ ਗਿਣਤੀ 2455 ਦੇ ਲਗਭਗ ਸੀ।